ਜਲੰਧਰ ਰੇਲਵੇ ਸਟੇਸ਼ਨ ਵਿਵਾਦ ਮਾਮਲੇ ‘ਚ 3 ਦਿਨ ਬਾਅਦ FIR ਦਰਜ, ਵੀਡੀਓ ਵਾਇਰਲ ਹੋਣ ਨਾਲ ਮਾਮਲਾ ਗਰਮਾਇਆ
ਜਲੰਧਰ ਰੇਲਵੇ ਸਟੇਸ਼ਨ ‘ਤੇ ਦੇਰ ਰਾਤ ਖਾਣਾ ਖਾ ਰਹੀਆਂ ਕੁੜੀਆਂ ਅਤੇ ਇੱਕ ਨੌਜਵਾਨ ਦਰਮਿਆਨ ਹੋਈ ਤਿੱਖੀ ਬਹਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚ ਗਿਆ। ਘਟਨਾ ਤੋਂ ਤਿੰਨ ਦਿਨ ਬਾਅਦ, 3 ਦਸੰਬਰ ਨੂੰ ਸ਼ਿਕਾਇਤਕਰਤਾ ਪ੍ਰਭਜੋਤ ਕੌਰ ਨੇ ਪੁਲਿਸ ਕਮਿਸ਼ਨਰ ਦਫ਼ਤਰ ਵਿੱਚ ਲਿਖਤੀ ਸ਼ਿਕਾਇਤ ਦਿੱਤੀ, ਜਿਸ ਦੇ ਆਧਾਰ ‘ਤੇ ਹੁਣ ਆਰੋਪੀ ਨੌਜਵਾਨ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ।
ਸ਼ਿਕਾਇਤ ਵਿੱਚ ਪ੍ਰਭਜੋਤ ਕੌਰ ਨੇ ਦੱਸਿਆ ਕਿ 1 ਦਸੰਬਰ ਦੀ ਰਾਤ ਉਹ ਆਪਣੀਆਂ ਸਹੇਲੀਆਂ ਨਾਲ ਜਲੰਧਰ ਰੇਲਵੇ ਸਟੇਸ਼ਨ ‘ਤੇ ਖਾਣਾ ਖਾਣ ਲਈ ਗਈ ਸੀ। ਪ੍ਰਭਜੋਤ ਕੌਰ ਸਖੀ ਮੈਨੇਜਮੈਂਟ ਗਰੁੱਪ ਨਾਲ ਜੁੜੀ ਹੋਈ ਹੈ ਅਤੇ ਉਸ ਦਿਨ ਵੀ ਕੰਮ ਦੇ ਸਿਲਸਿਲੇ ਵਿੱਚ ਬਾਹਰ ਸੀ। ਦੇਰ ਰਾਤ ਭੁੱਖ ਲੱਗਣ ‘ਤੇ ਉਹ ਆਪਣੀਆਂ ਸਹੇਲੀਆਂ ਸਮੇਤ ਸਟੇਸ਼ਨ ‘ਤੇ ਪਹੁੰਚੀ, ਜਿੱਥੇ ਇਹ ਵਿਵਾਦ ਹੋਇਆ।
ਸ਼ਿਕਾਇਤਕਰਤਾ ਦੇ ਅਨੁਸਾਰ, ਸਟੇਸ਼ਨ ‘ਤੇ ਮੌਜੂਦ ਇੱਕ ਨੌਜਵਾਨ ਨੇ ਉੱਥੇ ਕੰਮ ਕਰ ਰਹੇ ਇੱਕ ਮੁਲਾਜ਼ਮ ਨੂੰ ਬੁਲਾ ਕੇ ਉਨ੍ਹਾਂ ਦੀ ਗੱਡੀ ਦੀ ਜਾਂਚ ਸ਼ੇੁਰੂ ਕਰ ਦਿੱਤੀ। ਇਸ ਦੌਰਾਨ ਉਸ ਨੇ ਉਨ੍ਹਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਜਦੋਂ ਪ੍ਰਭਜੋਤ ਕੌਰ ਨੇ ਇਸ ‘ਤੇ ਐਤਰਾਜ਼ ਕੀਤਾ ਅਤੇ ਪੁੱਛਿਆ ਕਿ ਉਹ ਉਨ੍ਹਾਂ ਦੀ ਵੀਡੀਓ ਕਿਉਂ ਬਣਾ ਰਿਹਾ ਹੈ, ਤਾਂ ਨੌਜਵਾਨ ਨੇ ਆਪਣੇ ਆਪ ਨੂੰ ਇੱਕ ਚੈਨਲ ਦਾ ਪੱਤਰਕਾਰ ਦੱਸਿਆ।
ਪ੍ਰਭਜੋਤ ਕੌਰ ਨੇ ਦੋਸ਼ ਲਗਾਇਆ ਕਿ ਨੌਜਵਾਨ ਨੇ ਜਾਣ-ਬੁੱਝ ਕੇ ਉਨ੍ਹਾਂ ਦੀ ਵੀਡੀਓ ਬਣਾਈ ਅਤੇ ਇਸ ਨੂੰ ਸੋਸ਼ਲ ਮੀਡੀਆ ‘ਤੇ ਫੈਲਾ ਦਿੱਤਾ, ਜਿਸ ਨਾਲ ਉਨ੍ਹਾਂ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਅਤੇ ਮਾਨਸਿਕ ਤਣਾਅ ਦਾ ਸਾਹਮਣਾ ਕਰਨਾ ਪਿਆ।
ਮਾਮਲੇ ਦੀ ਜਾਂਚ ਮਹਿਲਾ ਥਾਣੇ ਨੂੰ ਸੌਂਪੀ ਗਈ ਸੀ। ਜਾਂਚ ਉਪਰੰਤ ਪੁਲਿਸ ਵੱਲੋਂ ਰੰਜਮ ਥਾਪਰ ਪੁੱਤਰ ਨਰਿੰਦਰ ਥਾਪਰ ਵਾਸੀ ਬਸਤੀ ਸ਼ੇਖ ਖ਼ਿਲਾਫ਼ ਐਫਆਈਆਰ ਨੰਬਰ 124, ਧਾਰਾ ਬੀਐਨਐਸ 79 ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।