ਫਾਜ਼ਿਲਕਾ ‘ਚ ਸਕੂਲੀ ਬੱਚਿਆਂ ਨਾਲ ਭਰਿਆ ਆਟੋ ਪਲਟਿਆ, 2 ਬੱਚੇ ਜ਼ਖ਼ਮੀ
ਸੀਸੀਟੀਵੀ ਵਿੱਚ ਕੈਦ ਹੋਈ ਘਟਨਾ, ਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਵਾਪਰਿਆ ਹਾਦਸਾ
ਫਾਜ਼ਿਲਕਾ ਦੇ ਮਹਾਰਾਜਾ ਅਗ੍ਰਸੈਨ ਚੌਕ ਨੇੜੇ ਉਸ ਸਮੇਂ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਸਕੂਲੀ ਬੱਚਿਆਂ ਨਾਲ ਭਰਿਆ ਇੱਕ ਆਟੋ ਅਚਾਨਕ ਪਲਟ ਗਿਆ। ਹਾਦਸੇ ਦੌਰਾਨ ਆਟੋ ਵਿੱਚ ਸਵਾਰ ਬੱਚੇ ਡਰ ਦੇ ਮਾਰੇ ਚੀਖਣ ਲੱਗ ਪਏ। ਇਸ ਘਟਨਾ ਵਿੱਚ ਦੋ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ। ਪੂਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਜਾਣਕਾਰੀ ਮੁਤਾਬਕ, ਇੱਕ ਨਿੱਜੀ ਸਕੂਲ ਦੇ 8 ਤੋਂ 9 ਬੱਚੇ ਆਟੋ ਰਾਹੀਂ ਸਕੂਲ ਜਾ ਰਹੇ ਸਨ। ਇਸ ਦੌਰਾਨ ਅਚਾਨਕ ਆਟੋ ਦੇ ਸਾਹਮਣੇ ਇੱਕ ਸਾਈਕਲ ਸਵਾਰ ਲੜਕੀ ਆ ਗਈ। ਉਸਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਆਟੋ ਚਾਲਕ ਨੇ ਤੇਜ਼ ਮੋੜ ਕੱਟਿਆ, ਜਿਸ ਕਾਰਨ ਆਟੋ ਬੇਕਾਬੂ ਹੋ ਕੇ ਸੜਕ ‘ਤੇ ਹੀ ਪਲਟ ਗਿਆ।
ਹਾਦਸੇ ਤੋਂ ਬਾਅਦ ਬੱਚਿਆਂ ਵੱਲੋਂ ਚੀਖ-ਪੁਕਾਰ ਮਚ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਦੌੜ ਕੇ ਆਟੋ ਵਿੱਚੋਂ ਬੱਚਿਆਂ ਨੂੰ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਦੋ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਹਾਲਾਂਕਿ ਆਟੋ ਚਾਲਕ ਅਤੇ ਹੋਰ ਬੱਚੇ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਕੋਈ ਗੰਭੀਰ ਚੋਟ ਨਹੀਂ ਆਈ।
ਘਟਨਾ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਵਿੱਚ ਕਾਫ਼ੀ ਘਬਰਾਹਟ ਦਾ ਮਾਹੌਲ ਹੈ। ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।