ਮਾਛੀਵਾਡਾ ਬਲਾਕ ਦੇ ਪਿੰਡ ‘ਚ ਨਾਬਾਲਿਗ ਬੱਚੀ ਨਾਲ ਦਰਿੰਦਗੀ, ਮਕਾਨ ਮਾਲਕ ਗ੍ਰਿਫ਼ਤਾਰ
ਬਲਾਕ ਮਾਛੀਵਾਡਾ ਦੇ ਇੱਕ ਪਿੰਡ ਵਿੱਚ ਮਕਾਨ ਮਾਲਕ ਵੱਲੋਂ ਆਪਣੇ ਘਰ ਵਿੱਚ ਕਿਰਾਏ ‘ਤੇ ਰਹਿ ਰਹੇ ਪਰਿਵਾਰ ਦੀ 9 ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋਸ਼ੀ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੀੜਤ ਬੱਚੀ ਦੀ ਮਾਂ ਨੇ ਪੁਲਿਸ ਨੂੰ ਬਿਆਨ ਦਿੰਦਿਆਂ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਪਿੰਡ ਦੇ ਇੱਕ ਘਰ ਵਿੱਚ ਕਿਰਾਏ ‘ਤੇ ਰਹਿੰਦੀ ਹੈ ਅਤੇ ਉਸ ਘਰ ਦਾ ਮਾਲਕ ਵੀ ਉਸੇ ਘਰ ਵਿੱਚ ਰਹਿੰਦਾ ਹੈ। ਉਸ ਮੁਤਾਬਕ, ਉਹ ਅਤੇ ਉਸਦਾ ਪਤੀ ਦੋਵੇਂ ਦਿਹਾਡੀ ਮਜ਼ਦੂਰੀ ਕਰਨ ਲਈ ਘਰੋਂ ਬਾਹਰ ਜਾਂਦੇ ਹਨ, ਜਦਕਿ ਬੱਚੇ ਬਾਅਦ ਵਿੱਚ ਘਰ ਆ ਜਾਂਦੇ ਹਨ।
ਪੀੜਤ ਬੱਚੀ ਨੇ ਆਪਣੀ ਮਾਂ ਨੂੰ ਦੱਸਿਆ ਕਿ 11 ਦਸੰਬਰ ਨੂੰ ਉਹ ਘਰ ਦੇ ਕਮਰੇ ਵਿੱਚ ਇਕੱਲੀ ਸੀ, ਜਿਸ ਦੌਰਾਨ ਮਕਾਨ ਮਾਲਕ ਗੁਰਦੇਵ ਉਸਦੇ ਕਮਰੇ ਵਿੱਚ ਆਇਆ ਅਤੇ ਉਸ ਨਾਲ ਗਲਤ ਹਰਕਤਾਂ ਕਰਨ ਲੱਗ ਪਿਆ। ਦੋਸ਼ ਹੈ ਕਿ ਮਕਾਨ ਮਾਲਕ ਨੇ ਬੱਚੀ ਨੂੰ ਇਸ ਬਾਰੇ ਕਿਸੇ ਨੂੰ ਦੱਸਣ ‘ਤੇ ਸ਼ੋਰ ਮਚਾਉਣ ਤੋਂ ਮਨ੍ਹਾਂ ਕਰਦੇ ਹੋਏ ਧਮਕੀਆਂ ਵੀ ਦਿੱਤੀਆਂ।
ਇਸ ਘਟਨਾ ਤੋਂ ਬਾਅਦ ਪੀੜਤ ਬੱਚੀ ਅੱਜ ਆਪਣੇ ਪਰਿਵਾਰ ਸਮੇਤ ਮਾਛੀਵਾਡਾ ਥਾਣੇ ਪਹੁੰਚੀ, ਜਿੱਥੇ ਉਸਦੀ ਮਾਂ ਵੱਲੋਂ ਪੁਲਿਸ ਕੋਲ ਲਿਖਤੀ ਬਿਆਨ ਦਰਜ ਕਰਵਾਇਆ ਗਿਆ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਪੀੜਤ ਬੱਚੀ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਵਿਅਕਤੀ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੱਚੀ ਦਾ ਮੈਡੀਕਲ ਟੈਸਟ ਕਰਵਾਇਆ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।